ਖੁਸ਼ਖਬਰੀ! ਹੁਣ ਤੁਸੀਂ 1 ਰੁਪਏ ''ਚ ਵੀ ਖਰੀਦ ਸਕੋਗੇ ਸੋਨਾ, ਜਾਣੋ ਕਿਵੇਂ

04/28/2017 11:59:36 AM

ਨਵੀਂ ਦਿੱਲੀ— ਇਕ ਰੁਪਏ ''ਚ ਭਾਵੇਂ ਹੀ ਤੁਸੀਂ ਇਕ ਚਾਕਲੇਟ ਨਾ ਖਰੀਦ ਸਕੋ ਪਰ ਪੇ. ਟੀ. ਐੱਮ. ਨੇ ਇਕ ਅਜਿਹੀ ਪਹਿਲ ਸ਼ੁਰੂ ਕੀਤੀ ਹੈ, ਜਿਸ ਨਾਲ ਤੁਸੀਂ ਇਕ ਰੁਪਏ ''ਚ ਸੋਨੇ ਦੀ ਖਰੀਦ ਸ਼ੁਰੂ ਕਰ ਸਕਦੇ ਹੋ। ਪੇ. ਟੀ. ਐੱਮ. ਨੇ ''ਡਿਜੀਟਲ ਗੋਲਡ'' ਨਾਮ ਦੀ ਇਕ ਸਕੀਮ ਸ਼ੁਰੂ ਕੀਤੀ ਹੈ। ਗਾਹਕ ਇਸ ਇਲੈਕਟ੍ਰਾਨਿਕ ਪਲੇਟਫਾਰਮ ਜ਼ਰੀਏ ਸੋਨਾ ਖਰੀਦ ਅਤੇ ਵੇਚ ਸਕਣਗੇ ਅਤੇ ਜਦੋਂ ਚਾਹੁਣ ਇਸ ਸੋਨੇ ਨੂੰ ਸਿੱਕਿਆ ਦੇ ਰੂਪ ''ਚ ਆਪਣੇ ਘਰ ਵੀ ਮੰਗਵਾ ਸਕਦੇ ਹਨ। ਇਸ ਲਈ ਉਸ ਨੇ ਐੱਮ. ਐੱਮ. ਟੀ. ਸੀ.-ਪੀ. ਏ. ਐੱਮ. ਪੀ. (ਪੈਮਪ) ਨਾਲ ਸਮਝੌਤਾ ਕੀਤਾ ਹੈ। ਇਸ ਸਕੀਮ ਤਹਿਤ ਗਾਹਕ ਘੱਟ ਤੋਂ ਘੱਟ 1 ਰੁਪਏ ''ਚ ਵੀ ਸੋਨਾ ਖਰੀਦ ਸਕਦੇ ਹਨ ਅਤੇ ਜਦੋਂ ਤਕ ਡਿਲੀਵਰੀ ਨਾ ਚਾਹੁਣ ਉਸ ਨੂੰ ਆਪਣੇ ਪੇ. ਟੀ. ਐੱਮ. ਵਾਲਿਟ ''ਚ ਜਮ੍ਹਾ ਕਰਕੇ ਰੱਖ ਸਕਦੇ ਹਨ। ਯਾਨੀ ਕਿ ਤੁਸੀਂ ਥੋੜ੍ਹਾ-ਥੋੜ੍ਹਾ ਸੋਨਾ ਖਰੀਦ ਕੇ ਉਸ ਨੂੰ ਆਪਣੇ ਵਾਲਿਟ ''ਚ ਡਿਜੀਟਲੀ ਜਮ੍ਹਾ ਕਰ ਸਕਦੇ ਹੋ ਅਤੇ 1 ਗ੍ਰਾਮ ਹੋ ਜਾਣ ''ਤੇ ਤੁਸੀਂ ਇਸ ਨੂੰ ਸਿੱਕੇ ਦੇ ਰੂਪ ''ਚ ਘਰ ਵੀ ਮੰਗਵਾ ਸਕਦੇ ਹੋ ਅਤੇ ਜੇਕਰ ਨਹੀਂ ਤਾਂ ਵਾਪਸ ਆਨਲਾਈਨ ਵੇਚ ਸਕੋਗੇ।

ਕਿਹੜੇ ਬਰਾਂਡ ਦਾ ਮਿਲੇਗਾ ਸੋਨਾ

ਪੇ. ਟੀ. ਐੱਮ. ''ਤੇ ਜਿਹੜਾ ਸੋਨਾ ਮਿਲੇਗਾ, ਉਹ ਪੈਮਪ ਬਰਾਂਡ ਦਾ ਹੋਵੇਗਾ। ਪੈਮਪ, ਸਵਿਟਜ਼ਰਲੈਂਡ ਦਾ ਸਰਾਫਾ ਬਰਾਂਡ ਹੈ ਅਤੇ ਐੱਮ. ਐੱਮ. ਟੀ. ਸੀ. ਦੇ ਨਾਲ ਮਿਲ ਕੇ ਭਾਰਤ ''ਚ ਸੋਨਾ ਵੇਚਦਾ ਹੈ। ਐੱਮ. ਐੱਮ. ਟੀ. ਸੀ. ਭਾਰਤ ਸਰਕਾਰ ਦੀ ਕੰਪਨੀ ਹੈ। 

ਲਾਈਵ ਦੇਖ ਸਕਦੇ ਹੋ ਰੇਟ

ਇਸ ਸਕੀਮ ਜ਼ਰੀਏ ਤੁਸੀਂ ਕਦੇ ਵੀ ਕਿਸੇ ਵੀ ਸਮੇਂ ਸੋਨਾ ਖਰੀਦ ਸਕਦੇ ਹੋ ਅਤੇ ਇੱਥੇ ਤੁਹਾਨੂੰ ਲਾਈਵ ਰੇਟ ਦੇਖਣ ਨੂੰ ਮਿਲਣਗੇ। ਤੁਸੀਂ ਚਾਹੋ ਤਾਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਸੋਨਾ ਖਰੀਦ ਸਕਦੇ ਹੋ। ਪੇ. ਟੀ. ਐੱਮ. ਦੇ ਵਿਜੈ ਸ਼ੇਖਰ ਸ਼ਰਮਾ ਨੇ ਦੱਸਿਆ ਕਿ ਪੇ. ਟੀ. ਐੱਮ. ''ਤੇ ਮਿਲਣ ਵਾਲਾ ਸੋਨਾ ਸੁਰੱਖਿਅਤ ਹੈ, ਕਿਉਂਕਿ ਜਿੰਨਾ ਸੋਨਾ ਤੁਸੀਂ ਖਰੀਦ ਰਹੇ ਹੋ, ਜਦੋਂ ਤਕ ਤੁਸੀਂ ਇਸ ਦੀ ਡਿਲੀਵਰੀ ਨਹੀਂ ਚਾਹੁੰਦੇ ਹੋ, ਉਦੋਂ ਤਕ ਤੁਸੀਂ ਇਸ ਨੂੰ ਪੇ. ਟੀ. ਐੱਮ. ਖਾਤੇ ''ਚ ਸੁਰੱਖਿਅਤ ਰੱਖ ਸਕਦੇ ਹੋ। ਇੰਨਾ ਹੀ ਨਹੀਂ ਜਿੰਨਾ ਸੋਨਾ ਤੁਸੀਂ ਪੇ. ਟੀ. ਐੱਮ. ਖਾਤੇ ''ਚ ਰੱਖਿਆ ਹੋਵੇਗਾ, ਤੁਸੀਂ ਚਾਹੋ ਤਾਂ ਉਸ ਨੂੰ ਘਰ ਮੰਗਵਾ ਸਕਦੇ ਹੋ ਜਾਂ ਐੱਮ. ਐੱਮ. ਟੀ. ਸੀ.-ਪੀ. ਏ. ਐੱਮ. ਪੀ. ਨੂੰ ਵਾਪਸ ਆਨਲਾਈਨ ਵੇਚ ਸਕਦੇ ਹੋ। 

ਕਿਵੇਂ ਖਰੀਦੀਏ-ਵੇਚੀਏ ਸੋਨਾ?

ਸੋਨਾ ਖਰੀਦਣ ਲਈ ਤੁਹਾਨੂੰ ਲਾਈਵ ਰੇਟ ਦਾ ਧਿਆਨ ਰੱਖਣਾ ਹੋਵਗਾ। ਜਦੋਂ ਤੁਸੀਂ ਸੋਨਾ ਖਰੀਦਣਾ ਚਾਹੋ ਤਾਂ ਸਕ੍ਰੀਨ ''ਤੇ ਦਿਸ ਰਹੇ ਲਾਈਵ ਰੇਟ ਦੇ ਹਿਸਾਬ ਨਾਲ ਜਿੰਨੀ ਤੁਹਾਡੀ ਜ਼ਰੂਰਤ ਹੈ, ਓਨਾ ਸੋਨਾ ਖਰੀਦ ਸਕਦੇ ਹੋ। ਲੈਣ-ਦੇਣ ਪੂਰਾ ਕਰਨ ਲਈ ਤੁਹਾਨੂੰ 6 ਮਿੰਟ ਦਾ ਸਮਾਂ ਮਿਲੇਗਾ ਅਤੇ ਜੇਕਰ ਇਸ ਵਿਚਕਾਰ ਤੁਸੀਂ ਸੋਨਾ ਨਹੀਂ ਖਰੀਦ ਸਕੇ ਤਾਂ ਪੇਜ ਦੁਬਾਰਾ ਲੋਡ ਹੋ ਕੇ ਲਾਈਵ ਰੇਟ ਬਦਲ ਜਾਵੇਗਾ ਅਤੇ ਤੁਹਾਨੂੰ ਦੁਬਾਰਾ ਸੋਨਾ ਖਰੀਦਣ ਦੀ ਪ੍ਰਕਿਰਿਆ ਕਰਨੀ ਹੋਵੇਗੀ। ਜਦੋਂ ਤੁਸੀਂ ਇਸ ਨੂੰ ਵੇਚਣਾ ਚਾਹੋ ਤਾਂ ਤੁਹਾਨੂੰ ਪੇ. ਟੀ. ਐੱਮ. ''ਤੇ ਹੀ ਇਸ ਨੂੰ ਵੇਚਣ ਲਈ ਆਫਰ ਦੇਣਾ ਹੋਵੇਗਾ। ਜ਼ਿਆਦਾ ਜਾਣਕਾਰੀ ਲਈ ਤੁਸੀਂ https://paytm.com/care/digital-gold-faq/ ''ਤੇ ਜਾ ਕੇ ਸਾਰੇ ਸਵਾਲਾਂ ਦੇ ਜਵਾਬ ਜਾਣ ਸਕਦੇ ਹੋ।


Related News