ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ, ਪੀ. ਐੱਫ. ''ਚੋਂ ਪੈਸੇ ਕਢਵਾਉਣੇ ਹੋਏ ਆਸਾਨ!

04/29/2017 6:46:32 AM

ਨਵੀਂ ਦਿੱਲੀ— ਦੇਸ਼ ਦੇ 4 ਕਰੋੜ ਲੋਕਾਂ ਲਈ ਇਹ ਖਬਰ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਹੁਣ ਨੌਕਰੀ ''ਤੇ ਰਹਿੰਦੇ ਹੋਏ ਤੁਸੀਂ ਆਪਣੇ ਪੀ. ਐੱਫ. ਦਾ ਪੈਸਾ ਕਢਾ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਵੇਗੀ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਆਪਣੇ ਮੈਂਬਰਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਤੁਸੀਂ ਆਪਣੇ ਈ. ਪੀ. ਐੱਫ. ਖਾਤੇ ''ਚੋਂ ਬੀਮਾਰੀ ਦੇ ਇਲਾਜ ਲਈ ਪੈਸੇ ਕਢਾ ਸਕਦੇ ਹੋ ਅਤੇ ਕਿਸੇ ਡਾਕਟਰ ਦੇ ਸਰਟੀਫਿਕੇਟ ਦੀ ਜ਼ਰੂਰਤ ਵੀ ਨਹੀਂ ਹੋਵੇਗੀ। 

ਇਸ ਲਈ ਕਰਮਚਾਰੀ ਭਵਿੱਖ ਫੰਡ ਯੋਜਨਾ 1952 ''ਚ ਸੋਧ ਕੀਤਾ ਗਿਆ ਹੈ। ਈ. ਪੀ. ਐੱਫ. ਯੋਗਦਾਨ ਕਰਤਾ ਬਿਨਾਂ ਕਿਸੇ ਡਾਟਕਰੀ ਸਰਟੀਫਿਕੇਟ ਦੇ ਇਕ ਫਾਰਮ ਭਰ ਕੇ ਅਤੇ ਸਵੈ-ਤਸਦੀਕ ਜ਼ਰੀਏ ਆਪਣੇ ਪੀ. ਐੱਫ. ''ਚੋਂ ਪੈਸੇ ਕਢਵਾ ਸਕਦੇ ਹਨ। ਕਿਰਤ ਮੰਤਰਾਲੇ ਨੇ ਕਰਮਚਾਰੀ ਭਵਿੱਖ ਫੰਡ ਯੋਜਨਾ 1952 ''ਚ ਧਾਰਾ 68-ਜੇ ਅਤੇ 68-ਐੱਨ ''ਚ ਸੋਧ ਕਰਕੇ ਇਸ ਨੂੰ ਸਰਲ ਬਣਾ ਦਿੱਤਾ ਹੈ, ਜਿਸ ਤਹਿਤ ਯੋਗਦਾਨ ਕਰਤਾ ਬੀਮਾਰੀ ਦੇ ਇਲਾਜ ਲਈ ਆਪਣੇ ਪੀ. ਐੱਫ. ਖਾਤੇ ''ਚੋਂ ਅਡਵਾਂਸ ਪੈਸੇ ਕਢਵਾ ਸਕਦੇ ਹਨ। 

ਜ਼ਿਕਰਯੋਗ ਹੈ ਕਿ ਮੌਜੂਦਾ ਨਿਯਮ ਮੁਤਾਬਕ ਪੀ. ਐੱਫ. ਯੋਗਦਾਨ ਕਰਤਾ ਨੂੰ ਆਪਣੇ ਪੀ. ਐੱਫ. ਖਾਤੇ ''ਚੋਂ ਅਡਵਾਂਸ ਪੈਸੇ ਕਢਵਾਉਣ ਲਈ ਡਾਕਟਰੀ ਸਰਟੀਫਿਕੇਟ ਦੇਣਾ ਹੁੰਦਾ ਸੀ। ਇਸੇ ਤਰ੍ਹਾਂ ਸਰੀਰਕ ਤੌਰ ''ਤੇ ਦਿਵਿਆਂਗ ਮੈਂਬਰ ਨੂੰ ਧਾਰਾ 68-ਐੈੱਨ ਤਹਿਤ ਜ਼ਰੂਰੀ ਉਪਕਰਣ ਖਰੀਦਣ ਲਈ ਡਾਕਟਰੀ ਸਰਟੀਫਿਕੇਟ ਜਾਂ ਈ. ਪੀ. ਐੱਫ. ਓ. ਵੱਲੋਂ ਅਧਿਕਾਰਤ ਅਧਿਕਾਰੀ ਕੋਲੋਂ ਪ੍ਰਮਾਣ ਪੱਤਰ ਲੈਣ ਦੀ ਜ਼ਰੂਰਤ ਹੁੰਦੀ ਸੀ ਪਰ ਹੁਣ ਸੋਧ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਪ੍ਰਮਾਣ ਪੱਤਰ ਦੀ ਜ਼ਰੂਰਤ ਨਹੀਂ ਹੋਵੇਗੀ।


Related News