ਸੋਨੇ ਦੀ ਕੀਮਤ ਡਿੱਗੀ, ਚਾਂਦੀ ਵੀ ਹੋਈ ਸਸਤੀ

12/12/2017 4:05:11 PM

ਨਵੀਂ ਦਿੱਲੀ— ਸੁਸਤ ਗਹਿਣਾ ਮੰਗ ਵਿਚਕਾਰ ਕੌਮਾਂਤਰੀ ਪੱਧਰ 'ਤੇ ਸੋਨਾ ਪੰਜ ਮਹੀਨਿਆਂ ਦੇ ਹੇਠਲੇ ਪੱਧਰ ਤਕ ਉਤਰਨ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 180 ਰੁਪਏ ਡਿੱਗ ਕੇ 29,400 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨਾ ਹੀ ਡਿੱਗ ਕੇ 29,250 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ ਮਜ਼ਬੂਤੀ ਨਾਲ 24,400 ਰੁਪਏ 'ਤੇ ਟਿਕੀ ਰਹੀ। ਸੋਨੇ 'ਚ ਲਗਾਤਾਰ 6ਵੇਂ ਦਿਨ ਗਿਰਾਵਟ ਦੇਖੀ ਗਈ। ਇਸ ਦੌਰਾਨ ਇਸ ਦੀ ਕੀਮਤ 850 ਰੁਪਏ ਘੱਟ ਚੁੱਕੀ ਹੈ। ਜੇਕਰ ਸੋਨੇ 'ਤੇ ਇਸੇ ਤਰ੍ਹਾਂ ਦਬਾਅ ਰਿਹਾ ਤਾਂ ਨਵੇਂ ਸਾਲ ਤੋਂ ਪਹਿਲਾਂ ਇਹ 29,000 ਰੁਪਏ ਤਕ ਆ ਸਕਦਾ ਹੈ।

ਉੱਥੇ ਹੀ, ਚਾਂਦੀ 'ਚ ਲਗਾਤਾਰ ਦੂਜੇ ਦਿਨ ਨਰਮੀ ਰਹੀ। ਇਹ 25 ਰੁਪਏ ਦੀ ਗਿਰਾਵਟ ਨਾਲ ਪੰਜ ਮਹੀਨਿਆਂ ਦੇ ਹੇਠਲੇ ਪੱਧਰ ਦੇ ਕਰੀਬ 37,775 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਕੌਮਾਂਤਰੀ ਪੱਧਰ 'ਤੇ ਸੋਨੇ 'ਚ ਸੋਮਵਾਰ ਨੂੰ ਵੱਡੀ ਗਿਰਾਵਟ ਦਾ ਅਸਰ ਅੱਜ ਸਥਾਨਕ ਬਾਜ਼ਾਰ 'ਤੇ ਦੇਖਿਆ ਗਿਆ। ਕੌਮਾਂਤਰੀ ਬਾਜ਼ਾਰਾਂ 'ਚ ਪਿਛਲੇ ਦਿਨ ਸੋਨਾ ਹਾਜ਼ਰ 20 ਜੁਲਾਈ ਤੋਂ ਬਾਅਦ ਦੇ ਹੇਠਲੇ ਪੱਧਰ 1,240.10 ਡਾਲਰ ਪ੍ਰਤੀ ਔਂਸ ਤਕ ਆ ਗਿਆ ਸੀ। ਹਾਲਾਂਕਿ ਅੱਜ ਕੁਝ ਵਾਪਸੀ ਕਰਦੇ ਹੋਏ ਇਹ 1.30 ਡਾਲਰ ਚੜ੍ਹ ਕੇ 1,243.85 ਡਾਲਰ ਪ੍ਰਤੀ ਔਂਸ 'ਤੇ ਰਿਹਾ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 4.80 ਡਾਲਰ ਦੀ ਤੇਜ਼ੀ 'ਚ 1,253.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ 0.06 ਡਾਲਰ ਦੀ ਮਜ਼ਬੂਤੀ ਦੇ ਨਾਲ 15.76 ਡਾਲਰ ਪ੍ਰਤੀ ਔਂਸ 'ਤੇ ਵਿਕੀ।


Related News