ਮੋਬਾਇਲ ਗਾਹਕਾਂ ਲਈ ਵੱਡੀ ਰਾਹਤ, ਹੁਣ ਘਰ ਬੈਠੇ ਹੋ ਸਕੇਗਾ ਸਿਮ-ਆਧਾਰ ਲਿੰਕ

11/16/2017 10:44:45 AM

ਨਵੀਂ ਦਿੱਲੀ— ਪਹਿਲੀ ਦਸੰਬਰ ਤੋਂ ਮੋਬਾਇਲ ਫੋਨ ਗਾਹਕਾਂ ਨੂੰ ਸਿਮ ਨਾਲ ਆਧਾਰ ਨੰਬਰ ਲਿੰਕ ਕਰਨ ਲਈ ਮੋਬਾਇਲ ਕੰਪਨੀ ਦੇ ਸਟੋਰ ਤਕ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਆਧਾਰ ਕਾਰਡ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਦੂਰਸੰਚਾਰ ਕੰਪਨੀਆਂ ਵੱਲੋਂ ਪੇਸ਼ ਕੀਤਾ ਗਿਆ ਮਾਡਲ ਸਵੀਕਾਰ ਕਰ ਲਿਆ ਹੈ। ਯੂ. ਆਈ. ਡੀ. ਏ. ਆਈ. ਦੇ ਸੀ. ਈ. ਓ. ਅਜੇ ਭੂਸ਼ਣ ਪਾਂਡੇ ਮੁਤਾਬਕ, ਹੁਣ ਲੋਕਾਂ ਨੂੰ ਮੋਬਾਇਲ ਸਟੋਰ 'ਤੇ ਗਏ ਬਿਨਾਂ ਆਪਣੇ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ 'ਚ ਆਸਾਨੀ ਹੋਵੇਗੀ। ਹਾਲਾਂਕਿ ਉਨ੍ਹਾਂ ਦਾ ਮੋਬਾਇਲ ਨੰਬਰ ਪਹਿਲਾਂ ਹੀ ਆਧਾਰ ਡਾਟਾਬੇਸ 'ਚ ਰਜਿਸਟਰਡ ਹੋਣਾ ਚਾਹੀਦਾ ਹੈ ਕਿਉਂਕਿ ਇਸੇ ਰਜਿਸਟਰਡ ਮੋਬਾਇਲ ਨੰਬਰ 'ਤੇ ਵਨ ਟਾਈਮ ਪਾਸਵਰਡ ਮਿਲੇਗਾ, ਜਿਸ ਨਾਲ ਆਧਾਰ ਅਤੇ ਮੋਬਾਇਲ ਵੈਰੀਫਿਕੇਸ਼ਨ ਹੋਵੇਗਾ।
ਪਾਂਡੇ ਨੇ ਕਿਹਾ ਕਿ ਗਾਹਕ ਮੋਬਾਇਲ ਫੋਨ ਕੰਪਨੀ ਦੀ ਵੈੱਬਸਾਈਟ 'ਤੇ ਜਾਣਗੇ ਜਿਸ 'ਤੇ ਇਕ ਲਿੰਕ ਦਿੱਤਾ ਹੋਵੇਗਾ। ਇੱਥੇ ਉਹ ਆਪਣਾ ਮੋਬਾਇਲ ਨੰਬਰ ਅਤੇ ਆਧਾਰ ਨੰਬਰ ਭਰਨਗੇ, ਉਦੋਂ ਰਜਿਸਟਰ ਮੋਬਾਇਲ ਨੰਬਰ 'ਤੇ ਓ. ਟੀ. ਪੀ. ਆਵੇਗਾ। ਓ. ਟੀ. ਪੀ. ਭਰਨ ਦੇ ਬਾਅਦ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ। ਉੱਥੇ ਹੀ ਗਾਹਕਾਂ ਨੂੰ ਦੂਜਾ ਬਦਲ ਵੀ ਮਿਲੇਗਾ, ਜਿਸ ਤਹਿਤ ਹਰ ਮੋਬਾਇਲ ਕੰਪਨੀ ਆਈ. ਵੀ. ਆਰ. ਐੱਸ. ਨੰਬਰ ਜਾਰੀ ਕਰੇਗੀ ਅਤੇ ਉਸ 'ਤੇ ਲੋਕਾਂ ਨੂੰ ਆਪਣੇ ਆਧਾਰ ਅਤੇ ਮੋਬਾਇਲ ਨੰਬਰ ਦੇਣੇ ਹੋਣਗੇ। ਇਸ ਜ਼ਰੀਏ ਵੀ ਓ. ਟੀ. ਪੀ. ਮਿਲੇਗਾ ਅਤੇ ਉਸ ਨੂੰ ਦਰਜ ਕਰਨ ਨਾਲ ਰੀ-ਵੈਰੀਫਿਕੇਸ਼ਨ ਹੋ ਜਾਵੇਗਾ। ਜੇਕਰ ਤੁਹਾਡਾ ਮੋਬਾਇਲ ਨੰਬਰ ਆਧਾਰ ਡਾਟਾਬੇਸ ਨਾਲ ਰਜਿਸਟਰਡ ਨਹੀਂ ਹੈ ਤਾਂ ਤੁਸੀਂ ਆਪਣੇ ਨਜ਼ਦੀਕੀ ਆਧਾਰ ਕੇਂਦਰ 'ਚ ਜਾ ਕੇ ਉਸ ਨੂੰ ਰਜਿਸਟਰ ਕਰਾ ਸਕਦੇ ਹੋ। ਆਧਾਰ ਡਾਟਾਬੇਸ ਨਾਲ ਮੋਬਾਇਲ ਨੰਬਰ ਰਜਿਸਟਰ ਨਾ ਹੋਣ 'ਤੇ ਤੁਸੀਂ ਘਰ ਬੈਠੇ ਮੋਬਾਇਲ ਨੰਬਰ ਨਾਲ ਆਧਾਰ ਲਿੰਕ ਨਹੀਂ ਕਰ ਸਕੋਗੇ। ਅਜਿਹੀ ਸਥਿਤੀ 'ਚ ਤੁਹਾਨੂੰ ਆਪਣੇ ਨੇੜੇ ਦੇ ਮੋਬਾਇਲ ਸਟੋਰ 'ਤੇ ਜਾ ਕੇ ਆਧਾਰ ਲਿੰਕ ਕਰਾਉਣਾ ਹੋਵੇਗਾ। ਦੱਸਣਯੋਗ ਹੈ ਕਿ ਮੋਬਾਇਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ 6 ਫਰਵਰੀ 2018 ਹੈ।


Related News