ਸੋਨੀ ਇੰਡੀਆ ਨੂੰ ਵਿਕਰੀ ''ਚ 25 ਫੀਸਦੀ ਤਕ ਦਾ ਵਾਧਾ ਹੋਣ ਦੀ ਉਮੀਦ

08/18/2017 9:29:26 PM

ਜਲੰਧਰ— ਇਲੈਕਟ੍ਰਾਨਿਕਸ ਦਿੱਗਜ ਸੋਨੀ ਇੰਡੀਆ ਨੂੰ ਤਿਉਹਾਰਾਂ ਦੇ ਦਿਨਾਂ 'ਚ ਸਾਰੀਆਂ ਸ਼੍ਰੇਣੀਆਂ ਨੂੰ ਮਿਲਾ ਕੇ ਵਿਕਰੀ 'ਚ 25 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ, ਜਦਕਿ ਚਾਲੂ ਵਿੱਤ ਸਾਲ 'ਚ ਵਿਕਰੀ 'ਚ 20 ਫੀਸਦੀ ਦੇ ਵਾਧੇ ਦੀ ਸੰਭਾਵਨਾ ਹੈ। ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਕੋਨੀਚੋਰੀ ਹਿਬੀ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਅਸੀਂ ਵਿਕਰੀ 'ਚ 20 ਫੀਸਦੀ ਤਕ ਦੇ ਵਾਧੇ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਤਿਉਹਾਰ ਦੇ ਮੌਕੇ 'ਤੇ ਸਾਨੂੰ ਵਿਕਰੀ 'ਚ 25 ਫੀਸਦੀ ਤਕ ਦੇ ਵਾਧੇ ਦੀ ਉਮੀਦ ਹੈ। ਹਿਬੀ ਨੇ ਕਿਹਾ ਕਿ ਕੰਪਨੀ ਨੇ ਆਉਣ ਵਾਲੇ ਸਮੇ 'ਚ 500 ਕਰੋੜ ਰੁਪਏ ਦੇ ਨਿਵੇਸ਼ ਦੀ ਟੀਚਾ ਰੱਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵਸਤੂ ਅਤੇ ਸੇਵਾ ਕਰ ਦਾ ਅਸਰ ਕੰਪਨੀ 'ਤੇ ਸਕਾਰਾਤਮਕ ਰਿਹਾ ਹੈ ਅਤੇ ਇਸ ਦੇ ਲਾਗੂ ਹੋਣ 'ਤੇ ਉਤਪਾਦਾਂ ਦੀਆਂ ਕੀਮਤਾਂ ਨਹੀਂ ਵਧੀਆ ਹਨ। ਹਾਲਾਂਕਿ ਨਵੀਂ ਕਰ ਪ੍ਰਣਾਲੀ ਤੋਂ ਕੰਪਨੀ ਨੂੰ ਲਾਭ ਹੋਇਆ ਹੈ ਜਾਂ ਨੁਕਸਾਨ ਇਸ ਦੀ ਗਿਣਤੀ ਜਾਰੀ ਹੈ। ਹਿਬੀ ਨੇ ਕਿਹਾ ਕਿ ਕੰਪਨੀ ਦੇਸ਼ 'ਚ ਆਪਣਾ ਸਥਾਨਕ ਉਤਪਾਦਨ ਪਲਾਂਟ ਖੋਲ੍ਹਣ 'ਤੇ ਵਿਚਾਰ ਕਰ ਰਹੀ ਹੈ ਅਤੇ ਉਸ ਨੇ ਟੀ.ਵੀ ਦਾ ਸਥਾਨਕ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਤਿਊਹਾਰੀ ਮੌਕੇ ਦੌਰਾਨ ਅਗਸਤ ਤੋਂ ਲੈ ਕੇ ਨਵੰਬਰ ਤਕ ਕੰਪਨੀ ਦਾ ਟੀਚਾ 250 ਕਰੋੜ ਰੁਪਏ ਦੀ ਵਿਕਰੀ ਕਰਨਾ ਹੈ।


Related News