ਵਿਕਣ ਦੇ ਕੰਢੇ ਖੜ੍ਹਾ ''ਸਰਕਾਰੀ ਜਹਾਜ਼'', ਕਰਜ਼ੇ ਲਈ ਫਿਰ ਵੀ ਅੱਡੇ ਹੱਥ

10/20/2017 3:44:25 PM

ਨਵੀਂ ਦਿੱਲੀ— ਵਿਕਣ ਦੇ ਕੰਢੇ ਖੜ੍ਹੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਕੰਮਕਾਜੀ ਪੂੰਜੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ 1,500 ਕਰੋੜ ਰੁਪਏ ਦਾ ਕਰਜ਼ੇ ਦਾ ਪ੍ਰਸਤਾਵ ਤਿਆਰ ਕੀਤਾ ਹੈ। ਬੀਤੇ ਤਕਰੀਬਨ ਇਕ ਮਹੀਨੇ 'ਚ ਇਹ ਦੂਜਾ ਮੌਕਾ ਹੈ, ਜਦੋਂ ਇਸ ਸਰਕਾਰੀ ਕੰਪਨੀ ਨੇ ਸ਼ਾਰਟ ਟਰਮ ਲੋਨ ਯਾਨੀ ਥੋੜ੍ਹੇ ਸਮੇਂ ਲਈ ਕਰਜ਼ੇ ਦੀ ਮੰਗ ਰੱਖੀ ਹੈ। ਉੱਥੇ ਹੀ, ਸਰਕਾਰ ਇਸ 'ਤੇ ਆਪਣੇ ਬੋਝ ਨੂੰ ਘੱਟ ਕਰਨ ਲਈ ਕੰਪਨੀ ਦੇ ਇਕ ਹਿੱਸੇ ਨੂੰ ਵੇਚਣ ਦੀ ਤਿਆਰੀ 'ਚ ਲੱਗੀ ਹੈ। ਕਰਜ਼ੇ 'ਚ ਡੁੱਬੀ ਇਹ ਸਰਕਾਰੀ ਜਹਾਜ਼ ਕੰਪਨੀ ਲਗਾਤਾਰ ਵਧਦੇ ਮਾਲੀ ਘਾਟੇ, ਕਰਜ਼ੇ ਅਤੇ ਉਡਾਣ ਖੇਤਰ 'ਚ ਵਧਦੀ ਮੁਕਾਬਲੇਬਾਜ਼ੀ ਨਾਲ ਜੂਝ ਰਹੀ ਹੈ।

18 ਅਕਤੂਬਰ ਨੂੰ ਜਾਰੀ ਕੀਤੇ ਗਏ ਇਕ ਦਸਤਾਵੇਜ਼ ਮੁਤਾਬਕ ਏਅਰ ਇੰਡੀਆ ਨੇ ਕਿਹਾ ਹੈ ਕਿ ਉਹ ਥੋੜ੍ਹੇ ਸਮੇਂ ਲਈ 1,500 ਕਰੋੜ ਰੁਪਏ ਦੇ ਕਰਜ਼ੇ ਲਈ ਵਿੱਤੀ ਸੰਸਥਾਵਾਂ ਨੂੰ ਸੱਦਾ ਦਿੰਦਾ ਹੈ। ਕੰਪਨੀ ਨੇ ਇਸ ਕਰਜ਼ੇ ਦੀ ਸਮਾਂ ਹੱਦ 27 ਜੂਨ 2018 ਤਕ ਦੱਸੀ ਹੈ। ਇਹੀ ਨਹੀਂ ਇਸ ਸਮਾਂ ਹੱਦ ਨੂੰ ਵਧਾਇਆ ਵੀ ਜਾ ਸਕਦਾ ਹੈ। ਦਸਤਾਵੇਜ਼ ਮੁਤਾਬਕ, 1500 ਕਰੋੜ ਰੁਪਏ ਦੀ ਰਾਸ਼ੀ ਤਿੰਨ ਹਿੱਸਿਆਂ 'ਚ ਚਾਹੀਦੀ ਹੈ। ਭਾਰਤ ਸਰਕਾਰ ਦੀ ਗਾਰੰਟੀ 27 ਜੂਨ 2018 ਜਾਂ ਫਿਰ ਵਿਨਿਵੇਸ਼ ਦੀ ਤਰੀਕ ਤਕ ਹੋਵੇਗੀ। 
ਕੰਪਨੀ ਨੇ ਬੈਂਕਾਂ ਨੂੰ 26 ਅਕਤੂਬਰ ਤਕ ਆਪਣੀ ਬੋਲੀ ਸੌਂਪਣ ਨੂੰ ਕਿਹਾ ਹੈ। ਇਸ ਦੇ ਇਲਾਵਾ ਕਰਜ਼ੇ 'ਚ ਦਿੱਤੀ ਜਾਣ ਵਾਲੀ ਰਾਸ਼ੀ ਦੀ ਵੀ ਜਾਣਕਾਰੀ ਮੰਗੀ ਹੈ। ਦਸਤਾਵੇਜ਼ ਮੁਤਾਬਕ, ਬੈਂਕਾਂ ਕੋਲੋਂ ਮਨਜ਼ੂਰੀ ਪੱਤਰ ਮਿਲਣ ਤੋਂ ਬਾਅਦ ਏਅਰ ਇੰਡੀਆ ਵੱਲੋਂ ਤਿੰਨ ਕੰਮਕਾਜੀ ਦਿਨਾਂ ਅੰਦਰ ਕਰਜ਼ੇ ਦੀ ਰਾਸ਼ੀ ਲਈ ਜਾਵੇਗੀ। ਪਿਛਲੇ ਮਹੀਨੇ ਵੀ ਕੰਪਨੀ ਨੇ 3,250 ਕਰੋੜ ਰੁਪਏ ਦੇ ਕਰਜ਼ੇ ਲਈ ਬੈਂਕਾਂ ਕੋਲੋਂ ਪ੍ਰਸਤਾਵ ਮੰਗੇ ਸਨ। ਕੰਪਨੀ ਨੇ ਉਦੋਂ ਵੀ ਆਪਣੀ ਕੰਮਕਾਜੀ ਪੂੰਜੀ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਜ਼ੇ ਦੀ ਰਾਸ਼ੀ ਮੰਗੀ ਸੀ।


Related News