ਜੁਲਾਈ ''ਚ ਹਵਾਈ ਮੁਸਾਫਰਾਂ ਦੀ ਗਿਣਤੀ ''ਚ ਹੋਇਆ 17 ਫੀਸਦੀ ਵਾਧਾ

08/18/2017 10:58:41 PM

ਨਵੀਂ ਦਿੱਲੀ- ਇਸ ਸਾਲ ਜੁਲਾਈ 'ਚ ਘਰੇਲੂ ਹਵਾਈ ਯਾਤਰਾ 'ਚ 17 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਅਤੇ ਇਸ ਦੌਰਾਨ ਕੁਲ 95.65 ਲੱਖ ਮੁਸਾਫਰਾਂ ਨੇ ਜਹਾਜ਼ਾਂ ਰਾਹੀਂ ਯਾਤਰਾ ਕੀਤੀ। ਪਿਛਲੇ ਸਾਲ ਦੇ ਇਸ ਮਹੀਨੇ 'ਚ ਇਹ ਗਿਣਤੀ 85.08 ਲੱਖ ਸੀ। ਇਹ ਜਾਣਕਾਰੀ ਸਰਕਾਰ ਦੇ ਮਹੀਨਾਵਾਰੀ ਹਵਾਈ ਯਾਤਰਾ ਅੰਕੜਿਆਂ 'ਚ ਦਿੱਤੀ ਗਈ ਹੈ। ਅੰਕੜਿਆਂ ਅਨੁਸਾਰ ਜੁਲਾਈ 'ਚ ਘਰੇਲੂ ਹਵਾਬਾਜ਼ੀ ਬਾਜ਼ਾਰ 'ਚ ਸਭ ਤੋਂ ਜ਼ਿਆਦਾ 38.7 ਫ਼ੀਸਦੀ ਹਿੱਸੇਦਾਰੀ ਇੰਡੀਗੋ ਦੀ ਰਹੀ। ਪਿਛਲੇ ਮਹੀਨੇ ਇਸ ਦੀ ਹਿੱਸੇਦਾਰੀ 40 ਫੀਸਦੀ ਸੀ। ਸਸਤੀਆਂ ਹਵਾਈ ਸੇਵਾਵਾਂ ਦੇਣ ਵਾਲੀ ਇਸ ਕੰਪਨੀ ਨੇ ਬੀਤੇ ਮਹੀਨੇ 'ਚ 36.99 ਲੱਖ ਮੁਸਾਫਰਾਂ ਨੂੰ ਸੇਵਾ ਦਿੱਤੀ। ਇਸ ਤੋਂ ਬਾਅਦ 15.8 ਫ਼ੀਸਦੀ ਦੀ ਹਿੱਸੇਦਾਰੀ ਨਾਲ ਜੈੱਟ ਏਅਰਵੇਜ਼ ਦੂਜੇ, 14.2 ਫ਼ੀਸਦੀ ਦੇ ਨਾਲ ਸਪਾਈਸਜੈੱਟ ਤੀਸਰੇ ਅਤੇ 13.5 ਫ਼ੀਸਦੀ ਦੇ ਨਾਲ ਏਅਰ ਇੰਡੀਆ ਚੌਥੇ ਸਥਾਨ 'ਤੇ ਰਹੀ । ਇਨ੍ਹਾਂ ਤਿੰਨਾਂ ਦੀ ਬਾਜ਼ਾਰ ਹਿੱਸੇਦਾਰੀ 'ਚ ਵਾਧਾ ਹੋਇਆ ਹੈ। 
 ਸਮੇਂ 'ਤੇ ਸੇਵਾ ਦੇਣ ਦੇ ਲਿਹਾਜ਼ ਨਾਲ ਵੀ ਇੰਡੀਗੋ ਸਭ ਤੋਂ ਉਤੇ ਰਹੀ। ਇਸ ਦੀ 84.6 ਫ਼ੀਸਦੀ ਉਡਾਣਾਂ ਸਮੇਂ 'ਤੇ ਨਿਕਲੀਆਂ ਅਤੇ ਪਹੁੰਚੀਆਂ। ਇਸ ਤੋਂ ਬਾਅਦ ਗੋਏਅਰ (78.2 ਫ਼ੀਸਦੀ), ਵਿਸਤਾਰਾ (74.54 ਫ਼ੀਸਦੀ), ਸਪਾਈਸਜੈੱਟ (73.4 ਫ਼ੀਸਦੀ), ਏਅਰ ਇੰਡੀਆ (65.5 ਫ਼ੀਸਦੀ) ਅਤੇ ਜੈੱਟ ਏਅਰਵੇਜ਼ (64.2 ਫ਼ੀਸਦੀ) ਦਾ ਸਥਾਨ ਰਿਹਾ। ਸੀਟ ਭਰਨ ਦੇ ਮਾਮਲੇ 'ਚ ਸਪਾਈਸਜੈੱਟ ਨੇ ਬਾਜ਼ੀ ਮਾਰੀ। ਇਸ ਦੀਆਂ 94.4 ਫ਼ੀਸਦੀ ਸੀਟਾਂ ਭਰੀਆਂ।  
ਏਅਰ ਏਸ਼ੀਆ ਦੀਆਂ 88.4 ਫ਼ੀਸਦੀ, ਵਿਸਤਾਰਾ ਦੀਆਂ 84.6 ਫ਼ੀਸਦੀ ਅਤੇ ਇੰਡੀਗੋ ਦੀਆਂ 83.7 ਫ਼ੀਸਦੀ ਸੀਟਾਂ ਭਰ ਸਕੀਆਂ। ਅੰਕੜਿਆਂ ਅਨੁਸਾਰ, ਉਡਾਣਾਂ 'ਚ ਦੇਰੀ ਨਾਲ ਜੁਲਾਈ ਮਹੀਨੇ 'ਚ ਕਰੀਬ ਇਕ ਲੱਖ ਲੋਕ ਪ੍ਰਭਾਵਿਤ ਹੋਏ। 14 ਹਜ਼ਾਰ ਤੋਂ ਜ਼ਿਆਦਾ ਮੁਸਾਫਰਾਂ ਨੂੰ ਉਡਾਣਾਂ ਰੱਦ ਹੋਣ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ 1300 ਤੋਂ ਜ਼ਿਆਦਾ ਲੋਕਾਂ ਨੇ ਜਹਾਜ਼ 'ਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਹਵਾਈ ਕੰਪਨੀਆਂ ਨੇ ਪ੍ਰਭਾਵਿਤ ਮੁਸਾਫਰਾਂ ਲਈ ਬਦਲਵੇਂ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਮੁਆਵਜ਼ਾ ਦੇਣ 'ਚ 4.25 ਕਰੋੜ ਰੁਪਏ ਖਰਚ ਕੀਤੇ।


Related News